ਮੁੱਖ ਖ਼ਬਰਾਂ
ਝੋਟਾ ਕਤਲ ਕਾਂਡ : ਅਸ਼ਵਨੀ ਦੀ CBI ਅਦਾਲਤ ‘ਚ ਪੇਸ਼ੀ, 5 ਦਿਨਾਂ ਦੇ ਰਿਮਾਂਡ ‘ਤੇ

ਝੋਟਾ ਕਤਲ ਕਾਂਡ : ਅਸ਼ਵਨੀ ਦੀ CBI ਅਦਾਲਤ ‘ਚ ਪੇਸ਼ੀ, 5 ਦਿਨਾਂ ਦੇ ਰਿਮਾਂਡ ‘ਤੇ
ਮੁਹਾਲੀ, 23 ਅਕਤੂਬਰ : ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਅੱਜ ਸਖ਼ਤ ਸੁਰੱਖਿਆ ‘ਚ ਬਠਿੰਡਾ ਕੇਂਦਰੀ ਜੇਲ੍ਹ ਤੋਂ ਲਿਆ ਕੇ ਮੋਹਾਲੀ ਦੀ ਵਿਸ਼ੇਸ਼ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਮਾਨਯੋਗ ਵਿਸ਼ੇਸ਼ CBI ਜੱਜ, ਮੋਹਾਲੀ ਦੀ ਅਦਾਲਤ ਨੇ ਸੁਣਵਾਈ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ, ਉਸਦੇ ਸਾਥੀ ਵਿਪਿਨ ਗਰਗ ਅਤੇ ਲਾਡੀ ਸਿੰਘ ਨੂੰ 5-5 ਦਿਨਾਂ ਦੇ CBI ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ, ਜਦਕਿ ਅਸ਼ਵਨੀ ਦੀ ਪਤਨੀ ਨੀਲਮ ਰਾਣੀ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ।
ਦੱਸਣਯੋਗ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ CBI ਦੀ ਵਿਸ਼ੇਸ਼ ਟੀਮ ਕਰ ਰਹੀ ਹੈ। CBI ਸੂਤਰਾਂ ਅਨੁਸਾਰ ਟੀਮ ਦੀ ਅਗਵਾਈ ਇੱਕ ਸੀਨੀਅਰ DIG ਰੈਂਕ ਦੇ ਅਧਿਕਾਰੀ ਕਰ ਰਹੇ ਹਨ, ਜਿਸ ਵਿੱਚ ਡਰੱਗ ਕੰਟਰੋਲਰ, ਫੋਰੈਂਸਿਕ ਮਾਹਿਰ ਅਤੇ GST ਅਧਿਕਾਰੀ ਸ਼ਾਮਲ ਹਨ।
ਮਾਨਸਾ ਪੁਲਿਸ ਵੱਲੋਂ SSP ਮਾਨਸਾ ਵੈਭਵ ਚੌਧਰੀ ਦੀ ਨਿਗਰਾਨੀ ਹੇਠ ਕੇਸ ਦੀਆਂ ਸਾਰੀਆਂ ਫਾਈਲਾਂ ਅਤੇ ਸਬੂਤ CBI ਨੂੰ ਸੌਂਪ ਦਿੱਤੇ ਗਏ ਹਨ। CBI ਟੀਮ ਨੇ ਪੀੜਤ ਪਰਿਵਾਰ ਦੇ ਬਿਆਨ ਵੀ ਮਾਨਸਾ ਰੈਸਟ ਹਾਊਸ ਵਿਖੇ ਦਰਜ ਕੀਤੇ ਹਨ।
ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੂੰ ਪਹਿਲਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕਰਕੇ 5 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ, ਹੁਣ CBI ਨੇ ਪ੍ਰੋਡਕਸ਼ਨ ਵਾਰੰਟ ‘ਤੇ ਹਿਰਾਸਤ ਹਾਸਲ ਕੀਤੀ ਹੈ।




