ਸਥਾਨਕ ਖ਼ਬਰਾਂਖੇਡ
ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਡੀਏਵੀ ਸਕੂਲ ਮਾਨਸਾ ਚੈਂਪੀਅਨ

ਸੰਜੀਵ ਜਿੰਦਲ
ਮਾਨਸਾ, 30 ਸਤੰਬਰ : ਡੀਏਵੀ ਨੈਸ਼ਨਲ ਸਪੋਰਟਸ ਤਹਿਤ ਵੱਖ-ਵੱਖ ਉਮਰ ਵਰਗਾਂ ਦੇ ਰਾਜ ਪੱਧਰੀ ਅੰਤਰ-ਸਕੂਲ ਖੋ-ਖੋ ਅਤੇ ਕਰਾਟੇ ਮੁਕਾਬਲੇ ਡੀਏਵੀ ਸਕੂਲ, ਪੱਖੋਵਾਲ ਰੋਡ, ਲੁਧਿਆਣਾ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ ਵੱਖ-ਵੱਖ ਡੀਏਵੀ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਕਲੱਸਟਰ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਡੀਏਵੀ ਸਕੂਲ ਮਾਨਸਾ ਦੇ ਖਿਡਾਰੀਆਂ ਨੇ ਰਾਜ ਪੱਧਰ ’ਤੇ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਖੋ-ਖੋ ਮੁਕਾਬਲਿਆਂ ਵਿੱਚ ਅੰਡਰ-17 ਅਤੇ ਅੰਡਰ-14 ਲੜਕਿਆਂ ਦੀਆਂ ਦੋਵੇਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਰਾਜ ਪੱਧਰੀ ਚੈਂਪੀਅਨ ਦੀ ਟਰਾਫੀ ਆਪਣੇ ਨਾਮ ਕੀਤੀ।
ਕਰਾਟੇ ਮੁਕਾਬਲਿਆਂ ਵਿੱਚ ਵੀ ਡੀਏਵੀ ਮਾਨਸਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਛੇ ਵਿਦਿਆਰਥੀਆਂ ਜਪਨਜੋਤ ਕੌਰ, ਸਾਇਨਾ, ਮੰਥਨ ਕੁਮਾਰ, ਸ਼ਿਵਾਂਸ਼ ਗੁਪਤਾ, ਅਭਿਜੋਤ ਸਿੰਘ ਅਤੇ ਈਸ਼ਾਨ ਨੇ ਸੋਨ ਤਮਗੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਖਿਡਾਰੀ ਹੁਣ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ।
ਡੀਏਵੀ ਨੈਸ਼ਨਲ ਸਪੋਰਟਸ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਰਾਸ਼ਟਰੀ ਪੱਧਰ ’ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨੈਸ਼ਨਲ ਚੈਂਪੀਅਨ ਦੇ ਖਿਤਾਬ ਦੇ ਨਾਲ-ਨਾਲ ਪ੍ਰੋਤਸਾਹਨ ਰਾਸ਼ੀ ਅਤੇ ਸਨਮਾਨ ਵੀ ਦਿੱਤਾ ਜਾਂਦਾ ਹੈ। ਇਸ ਮੰਚ ਰਾਹੀਂ ਅਨੇਕਾਂ ਵਿਦਿਆਰਥੀ ਅੱਗੇ ਚੱਲ ਕੇ ਓਲੰਪਿਕ, ਏਸ਼ੀਅਨ ਗੇਮਜ਼ ਅਤੇ ਹੋਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਹਨ।
ਸਕੂਲ ਦੇ ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ, ਖੋ-ਖੋ ਕੋਚ ਹਰਮਨਦੀਪ ਸਿੰਘ ਅਤੇ ਕਰਾਟੇ ਕੋਚ ਸੁਖਵਿੰਦਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਡੀਏਵੀ ਮਾਨਸਾ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਗਈ ਸਪੋਰਟਸ ਪਾਲਿਸੀ ਤਹਿਤ ਮੌਜੂਦਾ ਸੈਸ਼ਨ ਦੌਰਾਨ ਹਰ ਰਾਜ ਪੱਧਰੀ ਜੇਤੂ ਵਿਦਿਆਰਥੀ ਦੀ ਸਾਲਾਨਾ ਫੀਸ ਵਿੱਚ ₹2,100 ਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰਾਜ ਪੱਧਰੀ ਜੇਤੂ ਵਿਦਿਆਰਥੀਆਂ ਦੇ ਛੋਟੇ ਭੈਣ-ਭਰਾਵਾਂ ਤੋਂ ਐਡਮਿਸ਼ਨ ਫੀਸ ਨਹੀਂ ਲਈ ਜਾਵੇਗੀ।
ਪ੍ਰਿੰਸੀਪਲ ਵਿਨੋਦ ਰਾਣਾ ਨੇ ਸਾਰੇ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਆਗਾਮੀ ਪ੍ਰਤੀਯੋਗਤਾਵਾਂ ਲਈ ਹੋਰ ਮਿਹਨਤ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ।




