ਰਾਜਨੀਤੀ

ਬ੍ਰੇਕਿੰਗ: ਪੰਜਾਬ ‘ਚ ਬਣੇਗੀ NDA ਦੀ ਸਰਕਾਰ, ਅਮਿਤ ਸ਼ਾਹ ਦੇ ਬਿਆਨ ਨੇ ਬਦਲੇ ਸਿਆਸੀ ਸਮੀਕਰਨ

ਬ੍ਰੇਕਿੰਗ: ਪੰਜਾਬ ‘ਚ ਬਣੇਗੀ NDA ਦੀ ਸਰਕਾਰ, ਅਮਿਤ ਸ਼ਾਹ ਦੇ ਬਿਆਨ ਨੇ ਬਦਲੇ ਸਿਆਸੀ ਸਮੀਕਰਨ
ਨਵੀਂ ਦਿੱਲੀ / ਚੰਡੀਗੜ੍ਹ, 23 ਅਕਤੂਬਰ 2026 : ਪੰਜਾਬ ਦੀ ਸਿਆਸਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਭੁਚਾਲ ਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਸਰਕਾਰੀ ਸਮਾਗਮ ਦੌਰਾਨ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ NDA ਗਠਜੋੜ ਦੀ ਬਣੇਗੀ।
ਦਿੱਲੀ ਜਲ ਬੋਰਡ ਦੇ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਬੋਲਦਿਆਂ ਸ਼ਾਹ ਨੇ ਕਿਹਾ, “ਪੰਜਾਬ ਮੇਂ ਇਸ ਬਾਰ NDA ਕੀ ਸਰਕਾਰ ਹੋਣੇ ਜਾ ਰਹੀ ਹੈ”। ਉਨ੍ਹਾਂ ਨੇ ਸਿੱਧੇ ਤੌਰ ‘ਤੇ ਕਿਹਾ ਕਿ ਪ੍ਰਦਰਸ਼ਨਾਂ ਅਤੇ ਮੁਜ਼ਾਹਰਿਆਂ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਸ਼ਿਆਂ ਦੇ ਮੁੱਦੇ ‘ਤੇ ਘੇਰਿਆ ਅਤੇ ਕਿਹਾ ਕਿ ਪੰਜਾਬ ਨੂੰ ਇੱਕ ਸਥਿਰ ਅਤੇ ਵਿਕਾਸ-ਪੱਖੀ NDA ਸਰਕਾਰ ਦੀ ਲੋੜ ਹੈ।
ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਭਾਜਪਾ ਹੁਣ ਤੱਕ ਕਹਿੰਦੀ ਆ ਰਹੀ ਸੀ ਕਿ ਉਹ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣ ਲੜੇਗੀ। ਸ਼ਾਹ ਦੇ ਮੂੰਹੋਂ NDA ਸ਼ਬਦ ਨਿਕਲਣ ਨਾਲ ਸਾਫ਼ ਹੋ ਗਿਆ ਹੈ ਕਿ ਭਾਜਪਾ ਹੁਣ ਗਠਜੋੜ ਦੇ ਰਾਹ ‘ਤੇ ਵਾਪਸ ਆ ਰਹੀ ਹੈ।
ਕੀ ਫਿਰ ਇਕੱਠੇ ਹੋਣਗੇ ਅਕਾਲੀ-ਭਾਜਪਾ ?
ਸ਼ਾਹ ਦੇ ਇਸ ਬਿਆਨ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ 2020 ਵਿੱਚ ਖੇਤੀ ਕਾਨੂੰਨਾਂ ਕਰਕੇ ਟੁੱਟਿਆ ਪੁਰਾਣਾ ਅਕਾਲੀ-ਭਾਜਪਾ ਗਠਜੋੜ ਫਿਰ ਜੁੜੇਗਾ ?
ਇਸ ਚਰਚਾ ਨੂੰ ਉਦੋਂ ਹੋਰ ਹਵਾ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਗਠਜੋੜ ਦੇ ਸੰਕੇਤ ਦਿੱਤੇ। ਸੁਖਬੀਰ ਨੇ ਕਿਹਾ, “ਅਸੀਂ ਕਿਸੇ ਵੀ ਪਾਰਟੀ ਨਾਲ ਗਠਜੋੜ ਲਈ ਖੁੱਲ੍ਹੇ ਹਾਂ ਜੋ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਹਿਮਤ ਹੈ।”
ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ NDA ਵਿੱਚ ਸਿਰਫ਼ ਭਾਜਪਾ ਅਤੇ ਅਕਾਲੀ ਦਲ ਹੀ ਨਹੀਂ, ਸਗੋਂ ਅਕਾਲੀ ਦਲ ਨਾਲੋਂ  ਟੁੱਟੀਆਂ ਹੋਈਆਂ  ਅਤੇ ਹੋਰ ਛੋਟੀਆਂ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
NDA ਦਾ ਗਣਿਤ ਕੀ ਹੋਵੇਗਾ?
ਮਾਹਿਰਾਂ ਅਨੁਸਾਰ:
• 2020 ਤੋਂ ਪਹਿਲਾਂ ਵਾਲਾ ਫਾਰਮੂਲਾ: ਭਾਜਪਾ ਨੂੰ ਸ਼ਹਿਰੀ ਹਿੰਦੂ ਵੋਟ ਅਤੇ ਅਕਾਲੀ ਦਲ ਨੂੰ ਪੇਂਡੂ ਸਿੱਖ ਵੋਟ ਦਾ ਫਾਇਦਾ ਮਿਲਦਾ ਸੀ।
• ਭਾਜਪਾ ਨੂੰ ਪੰਜਾਬ ਵਿੱਚ ਆਪਣਾ ਅਧਾਰ ਬਣਾਉਣ ਲਈ ਅਕਾਲੀ ਦਲ ਦੇ ਕਾਡਰ ਦੀ ਲੋੜ ਹੈ, ਅਤੇ ਅਕਾਲੀ ਦਲ ਨੂੰ ਕੇਂਦਰ ਦੀ ਤਾਕਤ ਦੀ।
• ਸਭ ਤੋਂ ਸਪੱਸ਼ਟ ਤੱਥ: ਸ਼੍ਰੋਮਣੀ ਅਕਾਲੀ ਦਲ ਦੇ ਸਾਥ ਤੋਂ ਬਿਨਾਂ ਪੰਜਾਬ ਵਿੱਚ NDA ਦੀ ਸਰਕਾਰ ਬਣਾਉਣ ਦੀ ਕਲਪਨਾ ਅਧੂਰੀ ਹੈ, ਇਹ ਗੱਲ ਭਾਜਪਾ ਵੀ ਸਮਝਦੀ ਹੈ।
ਵਿਰੋਧੀ ਧਿਰ ਦਾ ਕੀ ਕਹਿਣਾ ਹੈ ?
ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਸ਼ਾਹ ਦੇ ਇਸ ਦਾਅਵੇ ਨੂੰ ਸਿਰਫ਼ ਚੋਣਾਵੀ ਜੁਮਲਾ ਦੱਸਿਆ ਹੈ, ਪਰ ਅੰਦਰਖਾਤੇ ਦੋਵੇਂ ਪਾਰਟੀਆਂ ਇਸ ਨਵੇਂ ਗਠਜੋੜ ਦੀ ਸੰਭਾਵਨਾ ਤੋਂ ਚਿੰਤਤ ਹਨ।ਫਿਲਹਾਲ ਇਹ ਤੈਅ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਦਰਮਿਆਨ ਸੀਟ ਸ਼ੇਅਰਿੰਗ ਨੂੰ ਲੈ ਕੇ ਬੈਠਕਾਂ ਦਾ ਦੌਰ ਤੇਜ਼ ਹੋਵੇਗਾ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!