ਸਥਾਨਕ ਖ਼ਬਰਾਂ

ਝੋਟਾ ਕਤਲ ਕਾਂਡ : ਰਾਕੇਸ਼ ਟਿਕੈਤ ਕੱਲ੍ਹ 24 ਅਕਤੂਬਰ ਨੂੰ ਪਹੁੰਚਣਗੇ ਮਾਨਸਾ

ਫੌਜੀ ਭੀਮ ਸਿੰਘ ਦੀ ਅਪੀਲ ’ਤੇ ਲਿਆ ਫੈਸਲਾ, ਹਰਿਆਣਾ-ਯੂਪੀ ਤੋਂ ਵੀ ਜੁਟਣਗੇ ਕਿਸਾਨ

ਸੰਜੀਵ ਜਿੰਦਲ 
 
ਮਾਨਸਾ, 23 ਅਕਤੂਬਰ : ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੂੰ ਲੈ ਕੇ ਮਾਨਸਾ ’ਚ ਚੱਲ ਰਹੇ ਇਨਸਾਫ਼ ਮੋਰਚੇ ਨੂੰ ਕੱਲ੍ਹ ਵੱਡਾ ਹੁਲਾਰਾ ਮਿਲੇਗਾ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ 24 ਅਕਤੂਬਰ ਨੂੰ ਦੁਪਹਿਰ ਕਰੀਬ 12 ਵਜੇ ਮਾਨਸਾ ਪਹੁੰਚਣਗੇ।
ਇਸ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕੀਤੀ ਹੈ ।
ਪਿਛਲੇ ਦਿਨੀਂ ਮਾਨਸਾ ਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦਾ ਇੱਕ ਮੈਡੀਕਲ ਸਟੋਰ ਸੰਚਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪਰਵਿੰਦਰ ਸਿੰਘ ਝੋਟਾ ਪੰਜਾਬ ਅਤੇ ਹਰਿਆਣਾ ’ਚ ਨਸ਼ਿਆਂ ਖ਼ਿਲਾਫ਼ ਅੰਦੋਲਨ ਚਲਾ ਰਿਹਾ ਸੀ। ਝੋਟਾ ਕਤਲ ਲਈ ਇਨਸਾਫ਼ ਲਈ ਮਾਨਸਾ ਵਿੱਚ ਪਿਛਲੇ 11 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ। ਧਰਨੇ ’ਤੇ ਬੈਠੇ ਪਰਵਿੰਦਰ ਦੇ ਪਿਤਾ ਫੌਜੀ ਭੀਮ ਸਿੰਘ ਨੇ ਰਾਕੇਸ਼ ਟਿਕੈਤ ਨੂੰ ਮਾਨਸਾ ਆਉਣ ਦੀ ਅਪੀਲ ਕੀਤੀ ਸੀ, ਜੋ ਹੁਣ ਟਿਕੈਤ ਤੱਕ ਪਹੁੰਚ ਗਈ ਹੈ।
ਰਾਕੇਸ਼ ਟਿਕੈਤ ਨੇ ਕਿਹਾ – “ਪਰਵਿੰਦਰ ਸਿੰਘ ਝੋਟਾ ਨਸ਼ਿਆਂ ਖ਼ਿਲਾਫ਼ ਲੜ ਰਿਹਾ ਸੀ, ਉਹ ਸ਼ਹੀਦ ਹੋਇਆ ਹੈ। ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਤੋਂ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਹਨ। ਅਸੀਂ ਮਾਨਸਾ ਪਹੁੰਚਾਂਗੇ। ਸਾਡੀ ਕਮੇਟੀ ਨਾਲ ਗੱਲ ਕਰ ਲੈਣ ਕਿ ਅਸੀਂ ਕਿਸ ਰਸਤੇ ਜਾਵਾਂਗੇ।”
ਹਰਿਆਣਾ-ਯੂਪੀ ਤੋਂ ਵੀ ਆਉਣਗੇ ਲੋਕ
ਸੂਤਰਾਂ ਅਨੁਸਾਰ ਟਿਕੈਤ ਦੀ ਆਮਦ ਦੀ ਖ਼ਬਰ ਤੋਂ ਬਾਅਦ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ’ਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮਾਨਸਾ ਮੋਰਚੇ ’ਚ ਸ਼ਾਮਲ ਹੋਣ ਲਈ ਪਹੁੰਚਣਗੇ।
ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਗੰਭੀਰ ਹੋ ਚੁੱਕੀ ਹੈ ਅਤੇ ਇਸ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜ ਦੇ ਹਰ ਵਰਗ ਨੂੰ ਇੱਕਜੁੱਟ ਹੋਣਾ ਪਵੇਗਾ। ਉਨ੍ਹਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ 24 ਅਕਤੂਬਰ ਨੂੰ ਆਪਣੀਆਂ ਟੀਮਾਂ ਸਮੇਤ ਮਾਨਸਾ ਪਹੁੰਚਣ ਦੀ ਅਪੀਲ ਕੀਤੀ ਹੈ।
ਰਾਕੇਸ਼ ਟਿਕੈਤ ਦੀ ਆਮਦ ਨਾਲ ਇਹ ਮਾਮਲਾ ਹੁਣ ਸਿਰਫ਼ ਪੰਜਾਬ ਦਾ ਨਹੀਂ, ਸਗੋਂ ਕੌਮੀ ਪੱਧਰ ਦੇ ਕਿਸਾਨ ਅੰਦੋਲਨ ਦਾ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!